ਰਣਜੀਤ ਨਗਾਰਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਰਣਜੀਤ ਨਗਾਰਾ: ਗੁਰੂ ਹਰਿਗੋਬਿੰਦ ਸਾਹਿਬ ਤੋਂ ਸਿੱਖ ਸਮਾਜ ਵਿਚ ਮੀਰੀ ਦੀ ਜੋ ਬਿਰਤੀ ਵਿਕਸਿਤ ਹੋਈ ਸੀ , ਉਸ ਦਾ ਇਕ ਚਿੰਨ੍ਹ ਨਗਾਰਾ ਵੀ ਸੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਗੁਰੂ-ਗੱਦੀ ਉਤੇ ਬੈਠੇ ਤਾਂ ਉਨ੍ਹਾਂ ਨੇ ਫ਼ਕੀਰੀ ਦੇ ਨਾਲ ਸ਼ਾਹੀ ਠਾਠ ਨੂੰ ਕਾਇਮ ਰਖਿਆ। ਸੱਤਾ ਦੇ ਚਿੰਨ੍ਹ ਵਜੋਂ ਗੁਰੂ ਜੀ ਦੀ ਆਗਿਆ ਨਾਲ ਸੰਨ 1684 ਈ. ਵਿਚ ਗੁਰੂ-ਘਰ ਦੇ ਦੀਵਾਨ ਨੰਦ ਚੰਦ ਨੇ ਇਕ ਨਗਾਰਾ ਬਣਵਾਇਆ ਜਿਸ ਦਾ ਨਾਂ ਗੁਰੂ ਜੀ ਨੇ ‘ਰਣਜੀਤ ਨਗਾਰਾ’ ਰਖਿਆ। ਸਿੱਖ ਇਤਿਹਾਸ ਅਨੁਸਾਰ ਗੁਰੂ ਜੀ ਜਦੋਂ ਸ਼ਿਕਾਰ ਖੇਡਣ ਚੜ੍ਹਦੇ ਤਾਂ ਉਨ੍ਹਾਂ ਦੀ ਸਵਾਰੀ ਅਗੇ ਇਹ ਨਗਾਰਾ ਵਜਦਾ। ਮਸੰਦਾਂ ਦੇ ਮਨ ਵਿਚ ਡਰ ਪੈਦਾ ਹੋ ਗਿਆ ਕਿ ਇਸ ਨਗਾਰੇ ਦੇ ਵਜਾਉਣ ਨਾਲ ਸਥਾਨਕ ਰਾਜੇ ਦੇ ਮਨ ਵਿਚ ਵੈਰ ਦੀ ਭਾਵਨਾ ਪੈਦਾ ਹੋ ਸਕਦੀ ਹੈ। ਉਨ੍ਹਾਂ ਨੇ ਮਾਤਾ ਗੁਜਰੀ ਜੀ ਨੂੰ ਦਸਿਆ ਕਿ ਇਸ ਨਗਾਰੇ ਦੇ ਵਜਾਉਣ ਨਾਲ ਕਈ ਸਮਸਿਆਵਾਂ ਪੈਦਾ ਹੋ ਸਕਦੀਆਂ ਹਨ। ਪਰ ਗੁਰੂ ਜੀ ਨੇ ਕਿਸੇ ਦੀ ਪਰਵਾਹ ਨ ਕੀਤੀ। ਕਹਿਲੂਰ ਦਾ ਰਾਜਾ ਭੀਮ ਚੰਦ ਅਤੇ ਉਸ ਦਾ ਪੁੱਤਰ ਅਜਮੇਰ ਚੰਦ ਗੁਰੂ ਜੀ ਦੇ ਵੈਰ ਪੈ ਗਏ ਅਤੇ ਹੋਰ ਪਹਾੜੀ ਰਾਜਿਆਂ ਨੂੰ ਨਾਲ ਮਿਲਾ ਕੇ ਆਨੰਦਪੁਰ ਉਤੇ ਹਮਲਾ ਵੀ ਕੀਤਾ, ਪਰ ਸਫਲ ਨ ਹੋ ਸਕੇ। ਦਸੰਬਰ 1705 ਈ. ਤਕ ਇਹ ਨਗਾਰਾ ਆਨੰਦਪੁਰ ਵਿਚ ਹੀ ਰਿਹਾ। ਗੁਰੂ ਜੀ ਦੁਆਰਾ ਆਨੰਦਪੁਰ ਛਡਣ ਤੋਂ ਬਾਦ ਇਹ ਕਿਥੇ ਗਿਆ ? ਇਸ ਬਾਰੇ ਹੁਣ ਕੁਝ ਪਤਾ ਨਹੀਂ ਚਲਦਾ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4141, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਰਣਜੀਤ ਨਗਾਰਾ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਰਣਜੀਤ ਨਗਾਰਾ : ਇਹ ਨਗਾਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1684 ਈ. ਵਿਚ ਅਨੰਦਪੁਰ ਸਾਹਿਬ ਵਿਖੇ ਤਿਆਰ ਕਰਵਾਇਆ ਸੀ। ਇਹ ਨਗਾਰਾ ਗੁਰੂ ਸਾਹਿਬ ਦੀ ਸਵਾਰੀ ਦੇ ਅੱਗੇ ਅੱਗੇ ਵਜਾਇਆ ਜਾਂਦਾ ਸੀ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1978, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-18-03-08-15, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.